Saturday, March 17, 2012

ਰੱਬ Prof pooran singh





ਰੱਬ ਇਕ ਗੁੰਜਲਦਾਰ ਬੁਝਾਰਤ
ਰੱਬ ਇਕ ਗੋਰਖ-ਧੰਦਾ।
ਖੋਲ੍ਹਣ ਲਗਿਆਂ ਪੇਚ ਏਸ ਦੇ
ਕਾਫ਼ਰ ਹੋ ਜਾਏ ਬੰਦਾ।
ਕਾਫ਼ਰ ਹੋਣੋਂ ਡਰ ਕੇ ਜੀਵੇਂ
ਖੋਜੋਂ ਮੂਲ ਨਾ ਖੁੰਝੀਂ
ਲਾਈਲੱਗ ਮੋਮਨ ਦੇ ਕੋਲੋਂ
ਖੋਜੀ ਕਾਫ਼ਰ ਚੰਗਾ।
ਤੇਰੀ ਖੋਜ ਵਿਚ ਅਕਲ ਦੇ ਖੰਭ ਝੜ ਗਏ
ਤੇਰੀ ਭਾਲ ਵਿਚ ਥੋਥਾ ਖਿਆਲ ਹੋਇਆ।
ਲੱਖਾਂ ਉਂਗਲਾਂ ਗੁੰਝਲਾਂ ਖੋਲ੍ਹ ਥੱਕੀਆਂ,
ਤੇਰੀ ਜ਼ੁਲਫ਼ ਦਾ ਸਿੱਧਾ ਨਾ ਵਾਲ ਹੋਇਆ।
ਘਿੱਗੀ ਬੱਝ ਗਈ ਸੰਖਾਂ ਦੀ ਰੋ-ਰੋ ਕੇ,
ਪਿੱਟ ਪਿੱਟ ਕੇ ਚੂਰ ਘੜਿਆਲ ਹੋਇਆ।
ਚੀਕ ਚੀਕ ਕੇ ਕਲਮ ਦੀ ਜੀਭ-ਪਾਟੀ,
ਅਜੇ ਹੱਲ ਨਾ ਤੇਰਾ ਸਵਾਲ ਹੋਇਆ।
ਤੇਰੀ ਸਿੱਕ ਕੋਈ ਸੱਜਰੀ ਸਿੱਕ ਨਾਹੀਂ,
ਇਹ ਚਰੋਕਣੀ ਗਲੇ ਦਾ ਹਾਰ ਹੋਈ।
ਇਹ ਉਦੋਕਣੀ ਜਦੋਂ ਦਾ ਬੁੱਤ ਬਣਿਆ,
ਨਾਲ ਦਿਲ ਦੀ ਮਿੱਟੀ ਤਿਆਰ ਹੋਈ।1।
ਤੇਰੇ ਹਿਜਰ ਵਿਚ ਕਿਸੇ ਨੇ ਕੰਨ ਪਾੜੇ
ਅਤੇ ਕਿਸੇ ਨੇ ਜਟਾਂ ਵਧਾਈਆ ਨੇ।
ਬੂਹੇ ਮਾਰ ਕੇ ਕਿਸੇ ਨੇ ਚਿਲੇ ਕੱਟੇ
ਕਿਸੇ ਰੜੇ ਤੇ ਰਾਤਾਂ ਲੰਘਾਈਆਂ ਨੇæ
ਕੋਈ ਲਮਕਿਆ ਖੂਹ ਦੇ ਵਿਚ ਪੁੱਠਾ,
ਅਤੇ ਕਿਸੇ ਨੇ ਧੂਣੀਆਂ ਤਾਈਆਂ ਨੇ।
ਤੇਰੇ ਆਸ਼ਕਾਂ ਨੇ ਲੱਖਾਂ ਯਤਨ ਕੀਤੇ,
ਪਰ ਤੂੰ ਮੂੰਹ ਤੋਂ ਜ਼ੁਲਫ਼ਾਂ ਨਾ ਚਾਈਆਂ ਨੇ।
ਤੇਰੀ ਸਿੱਕ ਦੇ ਕਈ ਤਿਹੇ ਮਰ ਗਏ,
ਅਜੇ ਤੀਕ ਨਾ ਵਸਲ ਦਾ ਧੁਰਾ ਲੱਭਾ।
ਲੱਖਾਂ ਸੱਸੀਆਂ ਮਰ ਗਈਆਂ ਥਲਾਂ ਅੰਦਰ,
ਤੇਰੀ ਡਾਚੀ ਦਾ ਅਜੇ ਨਾ ਖੁਰਾ ਲੱਭਾ। 2।
ਕਿਸੇ ਫੁੱਲ-ਕੁਰਾਨ ਦਾ ਪਾਠ ਕੀਤਾ,
ਕਿਸੇ ਦਿਲ ਦਾ ਪੱਤਰਾ ਖੋਲ੍ਹਿਆ ਵੇ।
ਕਿਸੇ ਨੈਣਾਂ ਦੇ ਸਾਗਰ ਹੰਗਾਲ ਮਾਰੇ,
ਕਿਸੇ ਹਿੱਕ ਦਾ ਖੂੰਜਾ ਫਰੋਲਿਆ ਵੇ।
ਕਿਸੇ ਗੱਲ੍ਹਾਂ ਦੇ ਦੀਵੇ ਦੀ ਲੋ ਥੱਲੇ,
ਤੈਨੂੰ ਜ਼ੁਲਫ਼ਾਂ ਦੀ ਰਾਤ ਵਿਚ ਟੋਲਿਆ ਵੇ।
ਰੋ ਰੋ ਕੇ ਦੁਨੀਆ ਨੇ ਹਾਲ ਪਾਏ,
ਪਰ ਤੂੰ ਹੱਸ ਕੇ ਅਜੇ ਨਾ ਬੋਲਿਆ ਵੇ।
ਦੀਦੇ ਕੁਲੰਜ ਮਾਰੇ ਤੇਰੇ ਆਸ਼ਿਕਾਂ ਨੇ
ਅਜੇ ਅੱਥਰੂ ਤੈਨੂੰ ਨਾ ਪੋਹੇ ਕੋਈ।
ਤੇਰੀ ਸੌਂਹ, ਕੁਝ ਰੋਣ ਦਾ ਮਜ਼ਾ ਹੀ ਨਹੀਂ,
ਪੂੰਝਣ ਵਾਲਾ ਜੇ ਕੋਲ ਨਾ ਹੋਏ ਕੋਈ। 3 ।
ਤੇਰੀ ਮਾਂਗ ਦੀ ਸੜਕ ਤੇ ਪਿਆ ਜਿਹੜਾ,
ਉਸ ਨੂੰ ਹੀਲਿਆਂ ਨਾਲ ਪਰਤਾਇਆ ਤੂੰ।
ਹਿਰਸਾਂ, ਦੌਲਤਾਂ, ਹੁਸਨਾਂ, ਹਕੂਮਤਾਂ ਦਾ,
ਉਹਦੇ ਰਾਹ ਵਿਚ ਚੋਗਾ ਖਿੰਡਾਇਆ ਤੂੰ।
ਕਿਸੇ ਕੈਸ ਨੂੰ ਲੱਗਾ ਜੇ ਇਸ਼ਕ ਤੇਰਾ,
ਉਸ ਨੂੰ ਲੇਲੀ ਦਾ ਲੇਲਾ ਬਣਾਇਆ ਤੂੰ।
ਕਿਸੇ ਰਾਂਝੇ ਨੂੰ ਚੜ੍ਹਿਆ ਜੇ ਚਾ ਤੇਰਾ
ਉਸ ਨੂੰ ਹੀਰ ਦੀ ਸੇਜੇ ਸਵਾਇਆ ਤੂੰ।
ਸਾਡੇ ਹੰਝੂਆਂ ਕੀਤਾ ਨਾ ਨਰਮ ਤੈਨੂੰ
ਸਾਡੀ ਆਹ ਨੇ ਕੀਤਾ ਨਾ ਛੇਕ ਤੈਨੂੰ।
ਅਸੀਂ ਸੜ ਗਏ ਵਿਛੋੜੇ ਦੀ ਅੱਗ ਅੰਦਰ,
ਲਾਗੇ ਵਸਦਿਆਂ ਆਇਆ ਨਾ ਸੇਕ ਤੈਨੂੰ। 4 ।
ਕਿਸੇ ਛੰਨਾ ਬਣਾਇਆ ਜੋ ਖੋਪਰੀ ਦਾ,
ਤੂੰ ਬੁੱਲ੍ਹੀਆਂ ਨਾਲ ਛੁਹਾਈਆਂ ਨਾ।
ਕਿਸੇ ਦਿਲ ਦਾ ਰਾਂਗਲਾ ਪਲੰਘ ਡਾਹਿਆ,
ਤੇਰੇ ਨਾਜ਼ ਨੂੰ ਨੀਂਦਰਾਂ ਆਈਆਂ ਨਾ।
ਕਿਸੇ ਜੁੱਤੀਆਂ ਸੀਤੀਆਂ ਚੰਮ ਦੀਆਂ
ਤੇਰੀ ਬੇ-ਪਰਵਾਹੀ ਨੇ ਪਾਈਆਂ ਨਾ।
ਰਗੜ ਰਗੜ ਕੇ ਮੱਥੇ ਚਟਾਕ ਪੈ ਗਏ,
ਅਜੇ ਰਹਿਮਤਾਂ ਤੇਰੀਆਂ ਛਾਈਆਂ ਨਾ।
ਮਾਰ ਸੁੱਟਿਆ ਤੇਰਿਆਂ ਰੋਣਿਆਂ ਨੇ,
ਫੂਕ ਸੁੱਟਿਆ ਬੇਪਰਵਾਹੀ ਤੇਰੀ।
ਲੈ ਕੇ ਜਾਨ ਤੂੰ ਅਜੇ ਨਾ ਘੁੰਡ ਚਾਇਆ,
ਖਬਰੇ ਹੋਰ ਕੀ ਏ ਮੂੰਹ ਵਿਖਾਈ ਤੇਰੀ। 5 ।
ਜੇ ਤੂੰ ਮੂੰਹ ਤੋਂ ਜ਼ੁਲਫ਼ਾਂ ਹਟਾ ਦੇਵੇਂ,
ਬਿਟ ਬਿਟ ਤੱਕਦਾ ਕੁਲ ਸੰਸਾਰ ਰਹਿ ਜਾਏ।
ਰਹਿ ਜਾਏ ਭਾਈ ਦੇ ਹੱਥ ਵਿਚ ਸੰਖ ਫੜਿਆ,
ਬਾਂਗ ਮੁੱਲਾਂ ਦੇ ਸੰਘ ਵਿਚਕਾਰ ਰਹਿ ਜਾਏ।
ਪੰਡਤ ਹੁਰਾਂ ਦਾ ਰਹਿ ਜਾਏ ਸੰਧੂਰ ਘੁਲਿਆ,
ਜਾਮ ਸੂਫ਼ੀ ਦਾ ਹੋਇਆ ਤਿਆਰ ਰਹਿ ਜਾਏ।
ਕਲਮ ਢਹਿ ਪਏ ਹੱਥੋਂ ਫ਼ਿਲਾਸਫ਼ਰ ਦੀ,
ਮੁਨਕਿਰ ਤੱਕਦਾ ਤੇਰੀ ਨੁਹਾਰ ਰਹਿ ਜਾਏ।
ਇਕ ਘੜੀ ਜੇ ਖੁੱਲ੍ਹਾ ਦੀਦਾਰ ਦੇਵੇਂ,
ਸਾਡਾ ਨਿੱਤ ਦਾ ਰੇੜਕਾ ਚੁੱਕ ਜਾਵੇ।
ਤੇਰੀ ਜ਼ੁਲਫ਼ ਦਾ ਸਾਂਝਾ ਪਿਆਰ ਹੋਵੇ,
ਝਗੜਾ ਮੰਦਰ ਮਸੀਤ ਦਾ ਮੁੱਕ ਜਾਵੇ। 6 ।

No comments:

Post a Comment